Language selector

ਕਿਰਾਏਦਾਰਾਂ ਲਈ ਮਨੁੱਖੀ ਹੱਕ

Page controls

Page content

ਰਿਹਾਇਸ਼ ਇੱਕ ਮਨੁੱਖੀ ਹੱਕ ਹੈ

ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਕਨੇਡਾ ਵਿਚਲੇ ਲੋਕ ਉਹ ਰਿਹਾਇਸ਼ ਹਾਸਲ ਕਰ ਸਕਦੇ ਹੋਣੇ ਚਾਹੀਦੇ ਹਨ ਜਿਹੜੀ ਉਨ੍ਹਾਂ ਨੂੰ ਵਾਰਾ ਖਾਵੇ। ਇਸ ਦੀ ਪ੍ਰਾਪਤੀ ਲਈ ਓਨਟੇਰੀਓ ਵਿੱਚ Human Rights Code (ਮਨੁੱਖੀ ਹੱਕਾਂ ਦੀ ਨੇਮਾਵਲੀ) ਤਹਿਤ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ (ਜਾਂ ਰਿਹਾਇਸ਼ ਪ੍ਰਦਾਨ ਕਰਨ ਵਾਲਿਆਂ) ਦੇ ਹੱਕ ਅਤੇ ਜਿੰਮੇਵਾਰੀਆਂ ਹੁੰਦੇ ਹਨ।

ਇੱਕ ਕਿਰਾਏਦਾਰ ਵਜੋਂ ਤੁਹਾਡਾ ਹੱਕ ਹੈ ਕਿ ਬਿਨਾ ਵਿਤਕਰੇ ਜਾਂ ਤੰਗ ਕੀਤੇ ਜਾਣ ਦੇ ਰਿਹਾਇਸ਼ ਦੇ ਮਾਮਲੇ ਵਿੱਚ ਤੁਹਾਡੇ ਨਾਲ ਬਰਾਬਰੀ ਵਾਲਾ ਸਲੂਕ ਹੋਵੇ।

ਹੇਠਾਂ ਦਰਜ ਆਧਾਰਾਂ `ਤੇ ਤੁਹਾਨੂੰ ਰਿਹਾਇਸ਼ ਮਿਲਣ ਤੋਂ ਨਾਂਹ ਨਹੀਂ ਹੋ ਸਕਦੀ, ਮਕਾਨ ਦੇਣ ਵਾਲੇ ਜਾਂ ਦੂਜੇ ਕਿਰਾਏਦਾਰਾਂ ਵੱਲੋਂ ਬਦਸਲੂਕੀ ਜਾਂ ਕਿਸੇ ਹੋਰ ਤਰ੍ਹਾਂ ਦਾ ਅਨਿਆਂ ਭਰਿਆ ਸਲੂਕ ਨਹੀਂ ਕੀਤਾ ਜਾ ਸਕਦਾ:

  • ਨਸਲ, ਰੰਗ ਜਾਂ ਨਸਲੀ ਪਿਛੋਕੜ
  • ਧਾਰਮਿਕ ਖਿਆਲਾਂ ਜਾਂ ਰਵਾਇਤਾਂ
  • ਵੰਸ਼, ਜਿਸ ਵਿੱਚ ਐਬਉਰਿਜਨਲ ਵੰਸ਼ ਦੇ ਲੋਕ ਸ਼ਾਮਲ ਹਨ
  • ਮੂਲ ਸਥਾਨ  
  • ਸਿਟੀਜ਼ਨਿਸ਼ਪ, ਜਿਸ ਵਿੱਚ ਰਫਿਊਜੀ ਦੀ ਹੈਸੀਅਤ ਹੋਣਾ ਸ਼ਾਮਲ ਹੈ ‘
  • ਲਿੰਗ (ਸਮੇਤ ਗਰਭਵਤੀ ਹੋਣ ਅਤੇ ਜਿਨਸ ਦੀ ਸ਼ਨਾਖਤ ਦੇ)
  • ਪਰਿਵਾਰਕ ਹੈਸੀਅਤ
  • ਸ਼ਾਦੀ-ਸ਼ੁਦਾ ਹੋਣ ਦੀ ਹੈਸੀਅਤ, ਸਮੇਤ ਸਮਲਿੰਗੀ ਸਾਥੀ ਦੀ ਮੌਜੂਦਗੀ ਦੇ  
  • ਅਪਾਹਜਤਾ
  • ਜਿਨਸੀ ਰੁਝਾਨ
  • ਉਮਰ, ਸਮੇਤ 16 ਜਾਂ 17 ਸਾਲਾਂ ਦੀ ਉਮਰ ਵਾਲਿਆਂ ਦੇ ਜੋ ਹੁਣ ਆਪਣੇ ਮਾਪਿਆਂ ਨਾਲ ਨਾ ਰਹਿੰਦੇ ਹੋਣ
  • ਸਰਕਾਰੀ ਇਮਦਾਦ ਲੈਂਦੇ ਹੋਣਾ।

ਜੇ ਉਪ੍ਰੋਕਤ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਦੇ ਦੋਸਤ ਜਾਂ ਰਿਸ਼ਤੇਦਾਰ ਹੋਣ ਕਾਰਨ ਤੁਹਾਡੇ ਨਾਲ ਵਿਤਕਰਾ ਹੋਵੇ ਤਾਂ ਵੀ ਤੁਸੀਂ ਸੁਰੱਖਿਅਤ ਹੋ।

ਰਿਹਾਇਸ਼ ਦੇ ਹੱਕ ਕਿੱਥੇ ਲਾਗੂ ਹੁੰਦੇ ਹਨ?

ਨੇਮਾਵਲੀ ਰਿਹਾਇਸ਼ ਖਰੀਦਣ ਜਾਂ ਕਿਰਾਏ `ਤੇ ਲੈਣ ਦੇ ਹਰ ਹਿੱਸੇ `ਤੇ ਲਾਗੂ ਹੁੰਦੀ ਹੈ। ਜਦੋਂ ਕਿਰਾਏ ਲਈ ਕੋਈ ਜਗ੍ਹਾ ਲੈਣੀ ਹੋਵੇ, ਤਾਂ ਨੇਮਾਵਲੀ ਤਹਿਤ ਹੇਠ ਲਿਖੀਆਂ ਮੱਦਾਂ ਆਉਂਦੀਆਂ ਹਨ:

  • ਕਿਸੇ ਯੂਨਿਟ ਨੂੰ ਕਿਰਾਏ `ਤੇ ਲੈਣ ਦੀ ਅਰਜੀ ਦੇਣਾ
  • ਕਿਰਾਏ ਦੇ ਨਿਯਮ ਅਤੇ ਕਾਇਦੇ
  • ਮੁਰੰਮਤਾਂ ਅਤੇ ਰੱਖ-ਰਖਾਅ
  • ਸੰਬੰਧਤ ਸੇਵਾਵਾਂ ਅਤੇ ਸਹੂਲਤਾਂ ਵਰਤਣਾ
  • ਤੁਹਾਡੇ ਵੱਲੋਂ ਕਿਰਾਏ `ਤੇ ਲਈ ਜਗ੍ਹਾ ਦਾ ਆਮ ਆਨੰਦ ਲੈਣਾ
  • ਕੱਢਿਆ ਜਾਣਾ।

ਕਿਰਾਏਦਾਰ ਚੁਣਨਾ

ਨੇਮਾਵਲੀ ਮੁਤਾਬਕ ਮਕਾਨ ਮਾਕਲ ਕਿਰਾਏਦਾਰ ਦੀ ਚੋਣ ਕਰਨ ਵੇਲੇ ਹੇਠ ਲਿਖੇ ਸਵਾਲ ਪੁੱਛ ਸਕਦੇ ਹਨ:

  • ਕਿਰਾਏਦਾਰੀ ਦਾ ਪਿਛੋਕੜ, ਕ੍ਰੈਡਿਟ ਰੈਫਰੈਂਸ ਅਤੇ/ਜਾਂ ਕ੍ਰੈਡਿਟ ਚੈਕ ਲਈ ਬੇਨਤੀ ਕੀਤੀ ਜਾ ਸਕਦੀ ਹੈ।
  • ਕਿਰਾਏਦਾਰੀ ਜਾਂ ਕ੍ਰੈਡਿਟ ਦਾ ਇਤਿਹਾਸ ਨਾ ਹੋਣਾ ਤੁਹਾਡੇ ਖਿਲਾਫ਼ ਨਹੀਂ ਮੰਨਿਆ ਜਾਣਾ ਚਾਹੀਦਾ।
  • ਮਕਾਨ ਮਾਲਕ ਤੁਹਾਨੂੰ ਤੁਹਾਡੀ ਆਮਦਨ ਬਾਰੇ ਪੁੱਛ ਸਕਦਾ ਹੈ ਪਰ ਉਸ ਨੂੰ ਤੁਹਾਡੀ ਕਿਰਾਏਦਾਰੀ ਰਹੀ ਹੋਣ ਦਾ ਲੇਖਾ, ਕ੍ਰੈਡਿਟ ਹਵਾਲੇ, ਅਤੇ ਕ੍ਰੈਡਿਟ ਰੇਟਿੰਗ [ਜਿਵੇਂ ਕਿ Equifax Canada (ਇਕੂਈਫੈਕਸ ਕੈਨੇਡਾ) ਤੋਂ] ਵਰਗੀ ਕਿਸੇ ਵੀ ਉਪਲਬਧ ਜਾਣਕਾਰੀ ਬਾਰੇ ਵੀ ਗੌਰ ਕਰਨਾ ਚਾਹੀਦਾ ਹੈ।
  • ਆਮਦਨ ਬਾਰੇ ਜਾਣਕਾਰੀ ਨੂੰ ਇਕੱਲਿਆਂ ਉਦੋਂ ਹੀ ਵਿਚਾਰਿਆ ਜਾਣਾ ਚਾਹੀਦਾ ਹੈ ਜਦੋਂ ਹੋਰ ਕੋਈ ਵੀ ਜਾਣਕਾਰੀ ਉਪਲਬਧ ਨਾ ਕਰਾਈ ਜਾਵੇ, ਅਤੇ ਸਿਰਫ਼ ਇਹ ਗੱਲ ਪੱਕੀ ਕਰਨੀ ਹੋਵੇ ਕਿ ਤੁਹਾਡੇ ਕੋਲ ਕਿਰਾਇਆ ਦੇਣ ਜੋਗੀ ਮੁਨਾਸਬ ਆਮਦਨ ਹੈ।
  • ਤੁਹਾਡੇ ਵੱਲੋਂ ਸਰਕਾਰੀ ਮਦਦ ਵਾਲੀ ਰਿਹਾਇਸ਼ ਲਈ ਅਰਜ਼ੀ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਮਕਾਨ ਮਾਲਕਾਂ ਵੱਲੋਂ ਕਿਰਾਏ ਨੂੰ ਆਮਦਨ ਨਾਲ ਜੋੜਨਾ, ਜਿਵੇਂ ਕਿ 30% ਦੀ ਹੱਦਬੰਦੀ ਵਾਲਾ ਨਿਯਮ (ਜਿਸ ਦਾ ਮਤਲਬ ਹੈ ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਦਾ ਨਾਮ ਵਿਚਾਰਨਾ ਜਿਨ੍ਹਾਂ ਲਈ ਕਿਰਾਇਆ ਆਮਦਨ ਦੇ 30% ਤੋਂ ਘੱਟ ਹੋਵੇ) ਲਾਗੂ ਕਰਨਾ ਗੈਰ-ਕਾਨੂੰਨੀ ਹੁੰਦਾ ਹੈ।
  • “ਗਰੰਟੀ ਦੇਣ ਵਾਲੇ” (ਕੋਈ ਅਜਿਹਾ ਵਿਅਕਤੀ ਜੋ ਉਸ ਸੂਰਤ ਵਿੱਚ ਤੁਹਾਡਾ ਕਿਰਾਇਆ ਦੇਣ ਦਾ ਵਾਅਦਾ ਕਰੇ ਜਦੋਂ ਤੁਸੀਂ ਨਾ ਦੇ ਸਕੋਂ) ਦੀ ਮੰਗ ਮਕਾਨ ਮਾਲਕ ਸਿਰਫ਼ ਉਸ ਸੂਰਤ ਵਿੱਚ ਹੀ ਕਰ ਸਕਦਾ ਹੈ ਜਦੋਂ ਉਸ ਦੀ ਇਹ ਸ਼ਰਤ ਸਾਰੇ ਕਿਰਾਏਦਾਰਾਂ ਲਈ ਹੋਵੇ।

ਜੇ ਤੁਹਾਨੂੰ ਕਿਸੇ ਅਪਾਹਜਤਾ ਜਾਂ ਖਾਸ ਲੋੜ ਲਈ ਵਿਵਸਥਾ ਦੀ ਲੋੜ ਹੋਵੇ

ਜਦੋਂ ਤੁਹਾਡੀਆਂ ਲੋੜਾਂ ਵਾਜਬ ਹੋਣ, ਤਾਂ ਨੇਮਾਵਲੀ ਦੇ ਆਧਾਰਾਂ (ਜਿਵੇਂ ਕਿ ਅਪਾਹਜਤਾ ਜਾਂ ਪਰਿਵਾਰਕ ਹੈਸੀਅਤ) `ਤੇ ਮਕਾਨ ਮਾਲਕਾਂ ਦੀ ਇਹ ਕਾਨੂੰਨੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਤੁਹਾਡੀਆਂ ਖਾਸ ਲੋੜਾਂ ਪੂਰੀਆਂ ਕਰਨ ਲਈ ਵਿਵਸਥਾ ਕਰਨ। ਉਨ੍ਹਾਂ ਨੂੰ ਉਦੋਂ ਤਕ ਇਹ ਵਿਵਸਥਾ ਕਰਨੀ ਪੈਂਦੀ ਹੈ ਜਿੱਥ ਜਾ ਕੇ ਇਹ ਖ਼ਰਚ, ਧਨ ਦੇ ਬਾਹਰੀ ਸਾਧਨਾਂ ਜਾਂ ਸਿਹਤ ਅਤੇ ਸਲਾਮਤੀ ਦੇ ਸਰੋਕਾਰਾਂ ਕਾਰਣ ਨਾਮੁਨਾਸਬ ਔਖਿਆਈ ਨਾ ਬਣ ਜਾਵੇ।

ਵਿਵਸਥਾ ਦੇ ਕਾਮਯਾਬ ਹੋਣ ਦੀ ਜਿੰਮੇਦਾਰੀ ਤੁਸੀਂ ਅਤੇ ਤੁਹਾਡਾ ਮਕਾਨ ਮਾਲਕ ਰਲ਼ ਕੇ ਚੁੱਕਦੇ ਹੋ। ਮੁਸ਼ਕਲਾਂ ਦੇ ਹੱਲ ਲਈ ਤੁਸੀਂ ਮਿਲ ਕੇ ਯਤਨ ਕਰਨੇ ਹਨ ਅਤੇ ਵਿਵਸਥਾ ਪੂਰੀ ਕਰਨ ਲਈ ਲੋੜੀਂਦੀ ਕਿਸੇ ਵੀ ਜਾਣਕਾਰੀ ਨੂੰ ਮਕਾਨ ਮਾਲਕ ਤਕ ਤੁਸੀਂ ਪਹੁੰਚਦੀ ਕਰਨਾ ਹੈ। ਤੁਹਾਡੇ ਵੱਲੋਂ ਪੇਸ਼ ਕੀਤੀ ਗਈ ਕਿਸੇ ਵੀ ਡਾਕਟਰੀ ਜਾਂ ਹੋਰ ਨਿਜੀ ਜਾਣਕਾਰੀ ਨੂੰ ਗੁਪਤ ਰੱਖਣਾ ਮਕਾਨ ਮਾਲਕ ਲਈ ਲਾਜ਼ਮੀ ਹੁੰਦਾ ਹੈ।

ਮਿਸਾਲ ਵਜੋਂ, ਜੇ ਤੁਹਾਨੂੰ ਕੋਈ ਅਪਾਹਜਤਾ ਹੋਵੇ ਤਾਂ ਹੋ ਸਕਦਾ ਹੈ ਤੁਹਾਡੇ ਲਈ ਮੁਨਾਸਬ ਬਣਾਉਣ ਵਾਸਤੇ ਮਕਾਨ ਮਾਲਕ ਨੂੰ ਮਕਾਨਾਂ ਵਿੱਚ, ਬਿਲਡਿੰਗ ਦੇ ਕਿਸੇ ਦਾਖ਼ਲੇ ਵਿੱਚ, ਫੁੱਟਪਾਥਾਂ ਜਾਂ ਪਾਰਕਿੰਗ ਖੇਤਰਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਪੈ ਸਕਦੀ ਹੈ।

ਕਈ ਕਿਰਾਏਦਾਰਾਂ ਲਈ ਬਦਲਦੇ ਪਰਿਵਾਰਕ ਹਾਲਾਤ ਜਾਂ ਧਾਰਮਿਕ ਰਵਾਇਤਾਂ ਦੇ ਲਿਹਾਜ਼ ਕਾਰਣ ਨਿਯਮਾਂ ਅਤੇ ਰਵਾਇਤਾਂ ਵਿੱਚ ਤਬਦੀਲੀਆਂ ਦੀ ਲੋੜ ਪੈ ਸਕਦੀ ਹੈ। ਕਈ ਵਾਰੀ ਕਿਸੇ ਕਿਰਾਏਦਾਰ ਦੇ ਬਿਮਾਰ ਹੋਣ ਕਾਰਣ ਜਾਂ ਦੂਜਿਆਂ ਲਈ ਖਲਲ਼ ਪੈਦਾ ਕਰਨ (ਜਾਂ ਤਾਂ ਕਿਸੇ ਅਪਾਹਜਤਾ ਕਾਰਣ ਜਾਂ ਇਸ ਗੱਲ ਕਰ ਕੇ ਕਿ ਉਹ ਵਿਅਕਤੀ ਖੁਦ ਵੀ ਵਿਤਕਰੇ ਦਾ ਸ਼ਿਕਾਰ ਹੈ) ਕਰ ਕੇ ਉਸ ਨੂੰ ਮਦਦ ਦੀ ਲੋੜ ਹੋ ਸਕਦੀ ਹੈ। ਮਕਾਨ ਮਾਲਕਾਂ ਨੂੰ ਇਹ ਵੇਖਣ ਲਈ ਆਪਣੀ ਭੂਮਿਕਾ ਦਾ ਜਾਇਜ਼ਾ ਲੈਣਾ ਪੈਣਾ ਹੈ ਕਿ ਕੀ ਹਾਲਾਤ ਦਰੁਸਤ ਕਰਨ ਲਈ ਮਕਾਨ ਮਾਲਕ ਦੀ ਹੈਸੀਅਤ ਵਿੱਚ ਉਹ ਕੁੱਝ ਕਰ ਸਕਦੇ ਹਨ।

ਮਕਾਨ ਮਾਲਕਾਂ ਲਈ ਜਿੰਨ੍ਹੀ ਛੇਤੀ ਹੋ ਸਕੇ, ਉਨ੍ਹੀ ਛੇਤੀ ਸਭ ਤੋਂ ਮੁਨਾਸਬ ਵਿਵਸਥਾ ਸਥਾਪਤ ਕਰਨ ਲਈ ਤੁਹਾਡੇ ਨਾਲ ਰਲ਼ ਕੇ ਯਤਨ ਕਰਨਾ ਚਾਹੀਦਾ ਹੈ।

ਜਦੋਂ ਤੁਹਾਡੀ ਲੋੜ ਦਾ ਅਸਰ ਦੂਜਿਆਂ `ਤੇ ਪੈਂਦਾ ਹੈ

ਕਈ ਵਾਰੀ ਤੁਹਾਡੀਆਂ ਲੋੜਾਂ ਜਾਂ ਵਿਹਾਰਾਂ ਦਾ ਅਸਰ ਦੂਜਿਆਂ `ਤੇ ਪੈ ਸਕਦਾ ਹੈ। ਮਕਾਨ ਮਾਲਕਾਂ ਅਤੇ ਰਿਹਾਇਸ਼ਾਂ ਪ੍ਰਦਾਨ ਕਰਨ ਵਾਲਿਆਂ ਲਈ ਸਾਰੇ ਕਿਰਾਏਦਾਰਾਂ ਦੇ ਹਕੀਕੀ ਸਰੋਕਾਰਾਂ ਨੂੰ ਸਾਵਾਂ ਅਤੇ ਪ੍ਰਬੰਧ ਹੇਠ ਰੱਖਣਾ ਲਾਜ਼ਮੀ ਹੈ। ਭਾਵੇਂ ਕਿਸੇ ਕਿਰਾਏਦਾਰ ਦਾ ਵਿਹਾਰ ਖਲਲ਼ ਪਾਉਣ ਵਾਲਾ ਹੀ ਕਿਉਂ ਨਾ ਹੋਵੇ (ਮਿਸਾਲ ਵਜੋਂ, ਪਰਿਵਾਰਕ ਹੈਸੀਅਤ ਤਹਿਤ ਹਿਫਾਜ਼ਤ-ਪ੍ਰਾਪਤ ਬੱਚਿਆਂ ਨਾਲ ਸੰਬੰਧਤ ਰੌਲਾ-ਗੌਲਾ), ਮਕਾਨ ਮਾਲਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹ ਵੇਖਣ ਲਈ ਕਦਮ ਚੁੱਕੇ ਕਿ ਕੀ ਮੁਸ਼ਕਲ ਹੱਲ ਕੀਤੀ ਜਾ ਸਕਦੀ ਹੈ।

ਜਦੋਂ ਨੇਮਾਵਲੀ ਲਾਗੂ ਨਹੀਂ ਹੁੰਦੀ

ਜੇ ਤੁਹਾਡਾ ਮਕਾਨ ਮਾਲਕ ਨਾਲ ਜਾਂ ਕਿਸੇ ਹੋਰ ਕਿਰਾਏਦਾਰ ਨਾਲ “ਸ਼ਖਸੀਅਤ ਦਾ ਮਤ-ਭੇਦ” ਹੋਵੇ ਜਿਹੜਾ ਨੇਮਾਵਲੀ ਦੇ ਕਿਸੇ ਆਧਾਰ ਤਹਿਤ ਨਾ ਹੋਵੇ ਤਾਂ ਨੇਮਾਵਲੀ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ, ਜੇ ਤੁਸੀਂ ਮਕਾਨ ਮਾਲਕ ਨਾਲ ਜਾਂ ਮਕਾਨ ਮਾਲਕ ਦੇ ਪਰਿਵਾਰ ਨਾਲ ਗੁਸਲਖਾਨਾ ਜਾਂ ਰਸੋਈ ਸਾਂਝੀ ਵਰਤਦੇ ਹੋ, ਤਾਂ ਵੀ ਨੇਮਾਵਲੀ ਲਾਗੂ ਨਹੀਂ ਹੁੰਦੀ।

ਵਧੇਰੇ ਜਾਣਕਾਰੀ ਲਈ

ਕਿਰਾਏ ਦੀਆਂ ਰਿਹਾਇਸ਼ਾਂ ਵਿੱਚ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਕਾਰੀ ਲਈ Ontario Human Rights Commission (ਓਨਟੇਰੀਓ ਦੇ ਮਨੁੱਖੀ ਹੱਕਾਂ ਬਾਰੇ ਕਮਿਸ਼ਨ) ਦੀ ਮਨੁੱਖੀ ਹੱਕਾਂ ਅਤੇ ਕਿਰਾਏ ਦੀਆਂ ਰਿਹਾਇਸ਼ਾਂ ਬਾਰੇ ਨੀਤੀ ਵੇਖੋ। ਇਹ ਨੀਤੀ ਅਤੇ ਓ.ਐਚ.ਆਰ.ਸੀ. ਦੀ ਹੋਰ ਜਾਣਕਾਰੀ ਆਨਲਾਈਨ www.ohrc.on.ca ਵਿਖੇ ਉਪਲਬਧ ਹਨ।

ਮਨੁੱਖੀ ਹੱਕਾਂ ਨਾਲ ਸੰਬੰਧਤ ਸ਼ਿਕਾਇਤ ਕਰਨ ਲਈ

ਮਨੁੱਖੀ ਹੱਕਾਂ ਨਾਲ ਸੰਬੰਧਤ ਕੋਈ ਸ਼ਿਕਾਇਤ (ਜਿਸ ਨੂੰ ਐਪਲੀਕੇਸ਼ਨ ਜਾਂ ਅਰਜ਼ੀ ਕਿਹਾ ਜਾਂਦਾ ਹੈ) ਦਾਇਰ ਕਰਨ ਲਈ ਓਨਟੇਰੀਓ ਦੇ ਮਨੁੱਖੀ ਹੱਕਾਂ ਬਾਰੇ ਟ੍ਰਿਬਿਊਨਲ ਨਾਲ ਹੇਠਾਂ ਦਰਜ ਜਾਣਕਾਰੀ `ਤੇ ਸੰਪਰਕ ਕਰੋ:
ਟੌਲ-ਫ੍ਰੀ: 1-866-598-0322
ਟੀ.ਟੀ.ਵਾਈ: 416-326-2027 ਜਾਂ ਟੋਲ-ਫ੍ਰੀ 1-866-607-1240
ਵੈੱਬਸਾਈਟ: www.hrto.ca

ਆਪਣੇ ਹੱਕਾਂ ਬਾਰੇ ਗੱਲ ਕਰਨ ਲਈ ਜਾਂ ਜੇ ਤੁਹਾਨੂੰ ਮਨੁੱਖੀ ਹੱਕਾਂ ਦੀ ਕਿਸੇ ਸ਼ਿਕਾਇਤ ਨਾਲ ਸੰਬੰਧਤ ਕਾਨੂੰਨੀ ਮਦਦ ਦੀ ਲੋੜ ਹੋਵੇ ਤਾਂ Human Rights Legal Support Centre (ਮਨੁੱਖੀ ਹੱਕਾਂ ਬਾਰੇ ਕਾਨੂੰਨੀ ਹਿਮਾਇਤ ਦੇ ਕੇਂਦਰ) ਨਾਲ ਸੰਪਰਕ ਕਰੋ:
ਟੋਲ-ਫ੍ਰੀ: 1-866-625-5179
ਟੀ.ਟੀ.ਵਾਈ: 416-314-6651 ਜਾਂ ਟੋਲ-ਫ੍ਰੀ: 1-866-612-8627
ਵੈੱਬਸਾਈਟ: www.hrlsc.on.ca

ਕਿਰਾਏ ਦੀਆਂ ਰਿਹਾਇਸ਼ਾਂ ਵਿੱਚ ਮਨੁੱਖੀ ਹੱਕਾਂ ਬਾਰੇ ਵਧੇਰੇ ਜਾਣਕਾਰੀ ਲਈ ਓਨਟੇਰੀਓ ਦੇ ਮਨੁੱਖੀ ਹੱਕਾਂ ਬਾਰੇ ਟ੍ਰਿਬਿਊਨਲ ਦੀ ਵੈੱਬਸਾਈਟ www.ohrc.on.ca ਵੇਖੋ।